5 Dariya News

ਸਹਿਕਾਰਤਾ ਮੰਤਰੀ ਲੋਕਾਂ ਨੂੰ ਵੇਰਕਾ ਦੇ ਪੌਸ਼ਟਿਕ ਹਲਦੀ ਦੁੱਧ ਦੀ ਵਰਤੋਂ ਕਰਨ ਲਈ ਕੀਤਾ ਉਤਸ਼ਾਹਿਤ

5 Dariya News

ਜਲੰਧਰ 18-Sep-2020

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਪ੍ਰਤੀਰੋਧੀ ਸ਼ਕਤੀ ਵਧਾਉਣ ਲਈ ਮਾਰਕਫੈੱਡ ਵੱਲੋਂ ਤਿਆਰ ਪੀਣ ਵਾਲੇ ਪੌਸ਼ਟਿਕ ਪਦਾਰਥ ‘ਵੇਰਕਾ ਹਲਦੀ ਦੁੱਧ’ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ।ਸ਼ੁੱਕਰਵਾਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਨਲਾਈਨ ਕਿਸਾਨ ਮੇਲੇ ਦੇ ਉਦਘਾਟਨ ਦੇ ਮੌਕੇ ਸਹਿਕਾਰਤਾ ਮੰਤਰੀ, ਜਿਨ੍ਹਾਂ ਨਾਲ ਵਿਧਾਇਕ ਜਲੰਧਰ ਪੱਛਮੀ ਸੁਸ਼ੀਲ ਕੁਮਾਰ ਰਿੰਕੂ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਮੌਜੂਦ ਸਨ, ਨੇ ਕਿਹਾ ਕਿ ਇਸ ਪੌਸ਼ਟਿਕ ਉਤਪਾਦ ਵਿੱਚ ਹਲਦੀ ਦੇ ਚਿਕਿਤਸਕ ਗੁਣ ਮੌਜੂਦ ਹਨ, ਜੋ ਇੱਕ ਕੁਦਰਤੀ ਔਸ਼ਧੀ ਹੈ ਅਤੇ ਆਪਣੀ ਪ੍ਰਤੀਰੋਧੀ ਸ਼ਕਤੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪੀਣ ਵਾਲਾ ਪਦਾਰਥ ਕੋਵਿਡ -19 ਮਹਾਂਮਾਰੀ ਦੇ ਦੌਰ ਵਿੱਚ ਲੋਕਾਂ ਦੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ ਅਤੇ ਜਲਦੀ ਹੀ ਲੋਕਾਂ ਵਿੱਚ ਪ੍ਰਸਿੱਧ ਹੋ ਜਾਵੇਗਾ।  ਉਨ੍ਹਾਂ ਦੱਸਿਆ ਕਿ ਕਿ 200 ਮਿ.ਲੀ. ਹਲਦੀ ਦੁੱਧ ਦੀ ਕੀਮਤ 25 ਰੁਪਏ ਰੱਖੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੇਰਕਾ ਹਲਦੀ ਦੁੱਧ ਬਾਇਓਟੈਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਕਸਿਤ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵੇਰਕਾ ਹਲਦੀ ਦੁੱਧ ਕੋਲਡ ਡਰਿੰਕਸ ਨਾਲੋਂ ਕਿਤੇ ਬਿਹਤਰ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਜੀ.ਐੱਮ, ਵੇਰਕਾ ਅਸੀਤ ਸ਼ਰਮਾ, ਕਾਂਗਰਸੀ ਆਗੂ ਅੰਗਦ ਦੱਤਾ ਅਤੇ ਹੋਰ ਮੌਜੂਦ ਸਨ।